ਪਾਣੀਪਤ ਦੀ ਪਹਿਲੀ ਲੜਾਈ (1526 AD) ਵਿੱਚ ਇਬ੍ਰਾਹੀਮ ਲੋਧੀ ਕੋਲ ਵਿਸ਼ਾਲ ਸੈਨਾ ਹੋਣ ਦੇ ਬਾਵਜੂਦ ਵੀ ਉਹ ਕਿਉਂ ਹਾਰ ਗਿਆ ....?


  • ਪਾਣੀਪਤ ਦਾ ਪਹਿਲਾ ਯੁੱਧ ਬਾਬਰ ਅਤੇ ਦਿੱਲੀ ਦੇ ਸ਼ਾਸਕ ਇਬ੍ਰਾਹਿਮ ਲੋਧੀ ਦੇ ਵਿਚਕਾਰ ਲੜਿਆ ਗਿਆ ਸੀ .ਇਸ ਯੁੱਧ ਦੀ ਮਹੱਤਤਾ ਇਸ ਗੱਲ ਤੋਂ ਹੈ ਕਿ ਇਸੇ ਯੁੱਧ ਤੋਂ ਬਾਅਦ ਦਿੱਲੀ ਵਿੱਚ ਲੋਧੀ ਵੰਸ਼ ਦੀ ਸਮਾਪਤੀ ਅਤੇ ਮੁਗ੍ਹਲ ਵੰਸ਼ ਦੀ ਸਥਾਪਨਾ ਹੋਈ ਸੀ .ਇਸ ਯੁੱਧ ਵਿੱਚ ਭਾਵੇ ਇਬ੍ਰਾਹਿਮ ਲੋਧੀ ਕੋਲ ਇੱਕ ਲੱਖ ਤੋਂ ਵੀ ਵੱਧ ਦੀ ਸੈਨਾ ਸੀ ਪ੍ਰੰਤੂ ਫਿਰ ਵੀ ਉਸਦੀ ਇਸ ਯੁੱਧ ਵਿੱਚ ਬੁਰੀ ਤਰਾਂ ਨਾਲ ਹਾਰ ਹੋਈ ਸੀ .ਜਦਕਿ ਦੂਜੇ ਪਾਸੇ ਬਾਬਰ ਕੋਲ ਬਹੁਤ ਹੀ ਥੋੜੇ ਜਿਹੇ ਸੈਨਿਕ ਸਨ ਅਤੇ ਫਿਰ ਵੀ ਉਹ ਇਸ ਯੁੱਧ ਵਿੱਚ ਜੇਤੂ ਰਿਹਾ ਸੀ. ਇਸਦੇ ਕੁਝ ਮੁੱਖ ਕਾਰਨਾਂ ਬਾਰੇ ਅਸੀਂ ਹੇਠ ਲਿਖੇ ਅਨੁਸਾਰ ਵਿਚਾਰ ਕਰ ਸਕਦੇ ਹਾਂ  :-

  • ਸੈਨਿਕਾਂ ਦੇ ਪੁਰਾਣੇ ਤਰੀਕੇ :- ਇਬ੍ਰਾਹੀਮ ਲੋਧੀ ਦੀ ਸੈਨਾ ਵਿੱਚ ਬਹੁਤ ਸਾਰੇ ਸੈਨਿਕ ਭਾੜ੍ਹੇ ਦੇ ਸੈਨਿਕ ਸਨ ਅਤੇ ਉਹਨਾਂ ਨੂੰ ਕਿਸੇ ਤਰਾਂ ਦੀ ਕੋਈ ਵਿਗਿਆਨਿਕ ਢੰਗ ਨਾਲ ਲੜ੍ਹਾਈ ਕਰਨ ਦਾ ਕੋਈ ਤਜੁਰਬਾ ਨਹੀਂ ਸੀ .ਭਾੜ੍ਹੇ ਤੇ ਆਏ ਹੋਏ ਸੈਨਿਕ ਕਦੇ ਵੀ ਉਤਸ਼ਾਹ ਅਤੇ ਪੂਰੀ ਵੀਰਤਾ ਨਾਲ ਨਹੀਂ ਸਨ ਲੜ੍ਹ ਸਕਦੇ .ਉਹਨਾਂ ਵਿੱਚ ਅਨੁਸ਼ਾਸਨ ਦੀ ਵੀ ਕਮੀ ਸੀ ਅਤੇ ਲੜ੍ਹਾਈ ਦੇ ਢੰਗ ਤਰੀਕੇ ਵੀ ਬਹੁਤ ਪੁਰਾਣੇ ਸਨ.ਉਹ ਮੱਧ ਕਾਲੀਨ ਢੰਗ ਨਾਲ ਲੜ੍ਹਨ ਵਾਲੇ ਸੈਨਿਕ ਸਨ .ਯੁੱਧ ਦੇ ਦੌਰਾਨ ਉਹ ਅਵਿਵਸਥਾ ਪੈਦਾ ਕਰ ਦਿੰਦੇ ਸਨ . ਜਦਕਿ ਬਾਬਰ ਕੋਲ ਪੂਰੀ ਤਰਾਂ ਉਸਨੂੰ ਸਮਰਪਿਤ ਸੈਨਿਕਾਂ ਦੀ ਫ਼ੌਜ ਸੀ ਭਾਵੇਂ ਉਹਨਾਂ ਦੀ ਗਿਣਤੀ ਘੱਟ ਸੀ ਪ੍ਰੰਤੂ ਉਹਨਾਂ ਦੇ ਯੁੱਧ ਲੜ੍ਹਨ ਦੇ ਢੰਗ ਤਰੀਕੇ ਆਧੁਨਿਕ ਅਤੇ ਵਿਗਿਆਨਿਕ ਵਿਉਂਤਬੰਦੀ ਵਾਲੇ ਸਨ. ਬਾਬਰ ਵੱਲੋਂ ਭਾਰਤ ਵਿੱਚ ਪਹਿਲੀ ਵਾਰੀ ਤੋਪਖਾਨੇ ਅਤੇ ਬੰਦੂਕਾਂ ਦਾ ਭਰਪੂਰ ਪ੍ਰਯੋਗ ਕੀਤਾ ਗਿਆ ਸੀ.ਰਸ਼ਬਰੂਕ ਵਿਲੀਅਮਜ਼ ਨੇ ਠੀਕ ਹੀ ਕਿਹਾ ਹੈ ਕਿ ,"ਬਾਬਰ ਦੀ ਜਿੱਤ ਦਾ ਕੋਈ ਇੱਕ ਵੱਡਾ ਕਾਰਣ ਜੇਕਰ ਕੋਈ ਸੀ ਤਾਂ ਉਹ ਕੇਵਲ ਉਸਦਾ ਸ਼ਕਤੀਸ਼ਾਲੀ ਤੋਪਖਾਨਾ ਸੀ." 


  • ਬਾਬਰ ਦੀ ਸਮਰਪਿਤ ਸੈਨਿਕ ਸ਼ਕਤੀ:- ਬਾਬਰ ਦੇ ਨਾਲ ਆਏ ਹੋਏ ਸੈਨਿਕ ਪੂਰੀ ਤਰਾਂ ਆਪਣੇ ਮਾਲਿਕ ਦੇ ਪ੍ਰਤੀ ਸਮਰਪਿਤ ਅਤੇ ਆਪਣੇ ਧਾਰਮਿਕ ਜੋਸ਼ ਨਾਲ ਲੜ੍ਹਨ ਵਾਲੇ ਸਨ .ਉਹ ਭਾਰਤ ਤੋਂ ਬਾਹਰੋਂ ਆਏ ਸਨ ਅਤੇ ਆਪਣੇ ਰਾਜਾ ਪ੍ਰਤੀ ਇਮਾਨਦਾਰ ਸਨ . 
  • ਤੋਪਖਾਨੇ ਦਾ ਪ੍ਰਯੋਗ:- ਬਾਬਰ ਕੋਲ ਵੱਡੀਆਂ ਅਤੇ ਛੋਟੀਆਂ ਦੋਵੇਂ ਪ੍ਰਕਾਰ ਦੀਆਂ ਤੋਪਾਂ ਸਨ ਅਤੇ ਕਾਫੀ ਮਾਤਰਾ ਵਿੱਚ ਗੋਲਾ-ਬਾਰੂਦ ਦਾ ਸਮਾਨ ਵੀ ਸੀ.ਉਸਦੀ ਸੈਨਾ ਵਿੱਚ ਉਸਤਾਦ ਅਲੀ ਅਤੇ ਮੁਸਤਫ਼ਾ ਵਰਗੇ ਨਿਪੁੰਨ ਤੋਪਚੀ ਵੀ ਸਨ ਜਿਹਨਾਂ ਨੇ ਆਪਣੀਆਂ ਤੋਪਾਂ ਨਾਲ ਅਫਗਾਨੀ ਸੈਨਾਂ ਦੇ ਪੱਖਚੜ੍ਹੇ ਉੜਾ ਦਿੱਤੇ ਅਤੇ ਅਫਗਾਨ ਸੈਨਾ ਦੇ ਹਾਥੀ ਤੋਪਾਂ ਦੀ ਆਵਾਜ਼ ਸੁਣਕੇ ਆਪਣੀ ਹੀ ਸੈਨਾ ਵਿੱਚ ਭਗਦੜ ਮਚਾਉਣ ਲੱਗ ਪਏ ਸਨ . 
  • ਭਾਰਤੀ ਰਾਜਿਆਂ ਵੱਲੋਂ ਇਬ੍ਰਾਹੀਮ ਲੋਧੀ ਦਾ ਸਾਥ ਨਾ ਦੇਣਾ:- ਉਸ ਸਮੇਂ ਜਦੋਂ ਵੀ ਕੋਈ ਵਿਦੇਸ਼ੀ ਸ਼ਾਸਕ ਕੇਂਦਰੀ ਸੱਤਾ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਸੀ ਤਾਂ ਚੌਗਿਰਦੇ ਵਾਲੀਆਂ ਰਿਆਸਤਾਂ ਖੁਸ਼ ਹੁੰਦੀਆਂ ਸਨ ਅਤੇ ਮੌਕਾ ਤਾੜ੍ਹਕੇ ਆਪਣਾ ਹੀ ਸਵਾਰਥ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਸਨ ਅਤੇ ਆਪਣੇ ਰਾਜ ਦੀਆਂ ਸੀਮਾਵਾਂ ਵਿੱਚ ਵਾਧਾ ਕਰਨ ਲਈ ਇੱਕ ਦੂਜੇ ਨਾਲ ਲੜ੍ਹਨ ਲੱਗ ਪੈਂਦੇ ਸਨ.ਇਸੇ ਕਾਰਣ ਹੀ ਪੰਜਾਬ ਦੇ ਦੌਲਤ ਖਾਂ ਲੋਧੀ ਨੇ ਬਾਬਰ ਨੂੰ ਦਿੱਲੀ ਉੱਤੇ ਹਮਲਾ ਕਰਨ ਲਈ ਸੱਦਾ ਦਿੱਤਾ ਸੀ .ਉਸਨੇ ਸੋਚਿਆ ਸੀ ਕਿ ਬਾਬਰ ਬਾਕੀ ਹਮਲਾਵਰਾਂ ਵਾਂਗ ਭਾਰਤ ਆ ਕੇ ਉਤਪਾਤ ਮਚਾਵੇਗਾ ਅਤੇ ਲੁੱਟਮਾਰ ਕਰਕੇ ਵਾਪਿਸ ਚਲਾ ਜਾਵੇਗਾ.ਇਸ ਨਾਲ  ਦਿੱਲੀ ਦੀ ਸੱਤਾ ਕਮਜ਼ੋਰ ਪੈ ਜਾਵੇਗੀ .ਬਾਬਰ ਦੇ ਵਾਪਿਸ ਜਾਣ ਤੋਂ ਬਾਅਦ ਰਾਜਨੀਤਿਕ ਅਵਿਵਸਥਾ ਦਾ ਲਾਭ ਲੈ ਕੇ ਉਹ ਆਪਣੇ ਰਾਜ ਦਾ ਵਿਸਥਾਰ ਕਰ ਸਕਣਗੇ .ਰਾਣਾ ਸਾਂਗਾ ਦੀ ਵੀ ਸੋਚ ਇਹੀ ਸੀ .ਅਜਿਹੀ ਸੋਚ ਕਾਰਣ ਹੀ ਇਹਨਾਂ ਵਿੱਚੋਂ ਕਿਸੇ ਨੇ ਵੀ  ਇਬ੍ਰਾਹੀਮ ਲੋਧੀ ਦਾ ਸਾਥ ਨਹੀਂ ਦਿੱਤਾ ਸੀ .ਦੂਜੇ ਅਫਗਾਨ ਅਤੇ ਰਾਜਪੂਤ ਰਾਜਿਆਂ ਨੇ ਵੀ ਉਸਦੀ ਕੋਈ ਸਹਾਇਤਾ ਨਹੀਂ ਕੀਤੀ ,ਸਗੋਂ ਉਹ ਸਾਰੇ ਮਨ ਹੀ ਮਨ ਉਸਦੇ ਹਾਰ ਜਾਣ ਦੀ ਕਾਮਨਾ ਕਰਦੇ ਹੋਏ ਪ੍ਰਸੰਨ ਹੁੰਦੇ ਸਨ .  
  • ਇਬ੍ਰਾਹੀਮ ਲੋਧੀ ਇੱਕ ਅਯੋਗ ਅਤੇ ਸਨਕੀ ਕਿਸਮ ਦਾ ਸ਼ਾਸਕ ਸੀ:-    ਇਬ੍ਰਾਹੀਮ ਲੋਧੀ ਭਾਵੇਂ ਦਿੱਲੀ ਦਾ ਸ਼ਾਸਕ ਸੀ ਪ੍ਰੰਤੂ ਉਹ ਨਾਂ ਤਾਂ ਇੱਕ ਯੋਗ ਸੈਨਾਪਤੀ ਸੀ ਅਤੇ ਨਾਂ ਹੀ ਯੋਗ ਸ਼ਾਸਕ ਸੀ .ਪਰਜਾ ਉਸਦੇ ਅਤਿਆਚਾਰਾਂ ਤੋਂ ਤੰਗ ਆ ਚੁੱਕੀ ਸੀ.ਆਪਣੇ ਭੈੜੇ ਵਰਤਾਉ ਕਾਰਣ ਹੀ ਉਸਦੇ ਸਾਰੇ ਸਰਦਾਰ ਅਤੇ ਸਗੇ ਸਬੰਧੀ ਵੀ ਉਸਨੂੰ ਚੰਗਾ ਨਹੀਂ ਸਨ ਸਮਝਦੇ .ਪੰਜਾਬ ਦਾ ਦੌਲਤ ਖਾਂ ਲੋਧੀ ਭਾਵੇਂ ਇਬ੍ਰਾਹੀਮ ਲੋਧੀ ਦਾ ਚਾਚਾ ਸੀ .ਪਰ ਉਹ ਵੀ ਇਬ੍ਰਾਹੀਮ ਲੋਧੀ ਦੇ ਵਿਰੁੱਧ ਇਸੇ ਕਰਕੇ ਹੋਇਆ ਸੀ ਕਿ ਇਬ੍ਰਾਹੀਮ ਲੋਧੀ ਨੇ ਉਸਦੇ ਲੜ੍ਹਕੇ ਨੂੰ ਦਿੱਲੀ ਵਿੱਚ ਕੈਦ ਕਰਕੇ ਉਸ ਨਾਲ ਬੁਰਾ ਸਲੂਕ ਕੀਤਾ ਸੀ.ਉਸਨੂੰ ਕੈਦਖਾਨੇ ਵਿੱਚ ਬਾਗੀਆਂ ਦੇ ਸੈੱਲ ਵਿੱਚ ਲਿਜਾਕੇ ਤਾੜਨਾ ਦਿੱਤੀ ਗਈ ਸੀ ਕਿ ਉਸਦੇ ਵਿਰੁੱਧ ਵਿਦ੍ਰੋਹ ਕਰਨ ਦਾ ਕੀ ਨਤੀਜਾ ਹੋ ਸਕਦਾ ਸੀ.ਪ੍ਰੰਤੂ ਦੌਲਤ ਖਾਂ ਦਾ ਲੜਕਾ ਦਿਲਾਵਰ ਖਾਂ ਲੋਧੀ ਕਿਸੇ ਤਰੀਕੇ ਉਸਦੀ ਕੈਦ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਿਆ ਅਤੇ ਪੰਜਾਬ ਪਹੁੰਚਕੇ ਉਸਨੇ ਆਪਣੇ ਪਿਉ ਦੌਲਤ ਖਾਂ ਲੋਧੀ ਨੂੰ ਦਿੱਲੀ ਵਿੱਚ ਹੋਈ ਸਾਰੀ ਘਟਨਾ ਦਾ ਹਾਲ ਸੁਣਾਇਆ .ਇਸਤੋਂ ਦੌਲਤ ਖਾਂ ਲੋਧੀ ਨੂੰ ਬਹੁਤ ਗੁੱਸਾ ਆਇਆ ਅਤੇ ਇਸੇ ਕਾਰਣ ਉਸਨੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਸੱਦਾ ਦਿੱਤਾ ਸੀ . 
  • ਅਫਗਾਨ ਸੈਨਾ ਵਿੱਚ ਅਨੁਸ਼ਾਸਨ ਦੀ ਕਮੀ ਸੀ .
  • ਇੱਕ ਹਫ਼ਤੇ ਤੱਕ ਸੈਨਿਕਾਂ ਦਾ ਆਹਮਣੇ-ਸਾਹਮਣੇ ਖੜ੍ਹੇ ਰਹਿਕੇ  ਸਮਾਂ ਬਰਬਾਦ ਕਰਨਾ.:- ਬਾਬਰ ਅਤੇ ਇਬ੍ਰਾਹਿਮ ਲੋਧੀ ਦੀਆਂ ਸੈਨਾਵਾਂ ਇੱਕ ਹਫ਼ਤੇ ਤੱਕ ਇੱਕ ਦੂਜੇ ਦੇ ਸਾਹਮਣੇ ਖੜ੍ਹੀਆਂ ਰਹੀਆਂ.ਪ੍ਰੰਤੂ ਇਬ੍ਰਾਹੀਮ ਲੋਧੀ ਨੇ ਯੁੱਧ ਛੇੜਨ ਦਾ ਕੋਈ ਜਤਨ ਨਹੀਂ ਕੀਤਾ .ਇਹ ਸਮਾਂ ਬਾਬਰ ਲਈ ਲਾਭਦਾਇਕ ਸਿੱਧ ਹੋਇਆ , ਕਿਉਂਕਿ ਬਾਬਰ ਦੇ ਸੈਨਿਕ ਇਬ੍ਰਾਹੀਮ ਲੋਧੀ ਦੇ ਸੈਨਿਕਾਂ ਦੀ ਸੰਖਿਆ ਵੇਖ ਕੇ ਘਬਰਾ ਗਏ ਸਨ ਅਤੇ ਜੇਕਰ ਉਹਨਾਂ ਨੇ ਤੁਰੰਤ ਹੀ ਹਮਲਾ ਕਰ ਦਿੱਤਾ ਹੁੰਦਾ ਤਾਂ ਸ਼ਾਇਦ ਉਹਨਾਂ ਨੂੰ ਡਰਕੇ ਉਥੋਂ  ਭੱਜਣਾ ਪੈ ਜਾਂਦਾ .ਪ੍ਰੰਤੂ ਇੱਕ ਹਫਤੇ ਦੇ ਸਮੇਂ ਦੌਰਾਨ ਬਾਬਰ ਨੇ ਆਪਣੀਆਂ ਸੈਨਾਵਾਂ ਨੂੰ ਹੌਂਸਲੇ ਅਤੇ ਉਤਸ਼ਾਹ ਦੀ ਭਾਵਨਾ ਨਾਲ  ਭਰ ਦਿੱਤਾ. ਇਸ ਇੱਕ ਹਫ਼ਤੇ ਦਾ ਬਾਬਰ ਨੇ ਭਰਪੂਰ ਫਾਇਦਾ ਉਠਾਇਆ ਅਤੇ ਆਪਣੀ ਸੈਨਾਵਾਂ ਨੂੰ ਵਿਉਂਤਬੰਦੀ ਨਾਲ ਖੜ੍ਹੇ ਕੀਤਾ .ਉਸ ਕੋਲ ਸਿਰਫ਼ 12000 ਸੈਨਿਕ ਸਨ ਜਦਕਿ ਇਬ੍ਰਾਹੀਮ ਲੋਧੀ ਦੀ ਸੈਨਾ ਵਿੱਚ 100000 ਸੈਨਿਕ ਅਤੇ 1000 ਦੇ ਕਰੀਬ ਹਾਥੀ ਸਨ .ਪਰ ਉਸਦੀ ਵਿਉਂਤਬੰਦੀ ਸਦਕਾ ਹੀ ਉਸਦੇ ਸੈਨਿਕਾਂ ਨੇ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਜਿੱਤ ਪ੍ਰਾਪਤ ਕੀਤੀ.
  • ਬਾਬਰ ਨੇ ਯੁੱਧ ਕਰਨ ਲਈ ਢੁੱਕਵਾਂ ਸਥਾਨ ਚੁਣਿਆ ਸੀ:-  ਉਸਨੇ ਡੇਰੇ ਲਗਾਉਣ ਤੋਂ ਬਾਅਦ ਹੀ ਨਿਸ਼ਚਿਤ ਯੋਜਨਾ ਅਨੁਸਾਰ ਸੈਨਾ ਦੇ ਅਗਲੇ ਭਾਗ ਦੀ ਅਗਵਾਈ ਖੁਸਰੋ ਕੁਕਲਤਾਸ਼ ਤੇ ਮੁਹੰਮਦ ਅਲੀ ਜੰਗਜੰਗ ਨੂੰ ਸੌੰਪੀ ਅਤੇ ਉਸਦੇ ਪਿੱਛੇ ਵਿਸ਼ਾਲ ਸੈਨਾ ਨੂੰ ਅੱਗੇ ਤਿੰਨ ਭਾਗਾਂ ਵਿੱਚ ਵੰਡ ਦਿੱਤਾ ਗਿਆ .ਸੱਜੇ ਪਾਸੇ ਦਾ ਸੈਨਾਪਤੀ ਹੁਮਾਯੂੰ ਅਤੇ ਖੱਬੇ ਪਾਸੇ ਦਾ ਸੈਨਾਪਤੀ ਸੁਲਤਾਨ ਮਿਰਜ਼ਾ ਨੂੰ ਬਣਾਇਆ ਗਿਆ ਜਦਕਿ ਵਿਚਕਾਰਲੇ ਭਾਗ ਨੂੰ ਉਸਨੇ ਆਪਣੇ ਅਧੀਨ ਰਖਿਆ.
  • ਯੁੱਧ ਦੀ ਸ਼ੁਰੂਆਤ ਬਾਬਰ ਦੀ ਵਿਉਂਤਬੰਦੀ ਅਨੁਸਾਰ :-  ਇੱਕ ਹਫਤੇ ਤੱਕ ਕਿਸੇ ਨੇ ਵੀ ਯੁੱਧ ਵਿੱਚ ਪਹਿਲ ਕਰਨ ਦੀ ਹਿੰਮਤ ਨਹੀਂ ਕੀਤੀ ਸੀ .ਅੰਤ ਨੂੰ ਵੀਹ ਅਪ੍ਰੈਲ ਦੀ ਰਾਤ ਨੂੰ ਬਾਬਰ ਨੇ ਆਪਣੀ ਸੈਨਿਕ ਟੁਕੜੀ ਨੂੰ ਵੈਰੀਆਂ ਦੇ ਕੈੰਪ ਉੱਤੇ ਹੱਲਾ ਬੋਲਣ ਦਾ ਆਦੇਸ਼ ਦਿੱਤਾ ਤਾਂ ਜੋ ਦੁਸ਼ਮਨ ਨੂੰ ਭੜਕਾ ਕੇ ਉਸ ਥਾਂ ਵੱਲ ਲਿਆਂਦਾ ਜਾਵੇ ਜਿਸ ਪਾਸੇ ਉਹ ਖੁਦ ਉਹਨਾਂ ਨਾਲ ਲੜਨਾ ਚਾਹੁੰਦੇ ਸਨ.ਬਾਬਰ ਦੀ ਚਾਲ ਸਫਲ ਹੋਈ.ਅਫਗਾਨ ਸੈਨਿਕ ਉਸੇ ਜਗ੍ਹਾ ਵੱਲ ਲੜਦੇ ਲੜਦੇ ਪਹੁੰਚੇ ਜਿਸ ਥਾਂ ਵੱਲ ਬਾਬਰ ਨੇ ਵਿਉਂਤਬੰਦੀ ਕੀਤੀ ਹੋਈ ਸੀ .ਰਾਤ ਦੇ ਸਮੇਂ ਦੇ ਧਾਵੇ ਤੋਂ ਭੜਕ ਕੇ ਅਗਲੇ ਦਿਨ 21ਅਪ੍ਰੈਲ ਦੀ ਸਵੇਰ ਨੂੰ ਅਫਗਾਨ ਸੈਨਾ ਨੇ ਬਾਬਰ ਦੀ ਸੈਨਾ ਵੱਲ ਕੂਚ ਕਰ ਦਿੱਤਾ ਅਤੇ ਇਸ ਪ੍ਰਕਾਰ ਸਵੇਰੇ 9 ਵਜੇ ਦੇ ਕਰੀਬ ਲੜਾਈ ਦੀ ਸ਼ੁਰੂਆਤ ਹੋ ਗਈ.ਪ੍ਰੰਤੂ ਅਫਗਾਨ ਸੈਨਿਕ ਸੱਜੇ ਪਾਸੇ ਵੱਲ ਵਧੇ ਤਾਂ ਰਸਤੇ ਵਿੱਚ ਪੁੱਟੀਆਂ ਹੋਈਆਂ ਖਾਈਆਂ ਨੂੰ ਵੇਖ ਕੇ ਬਹੁਤ ਪਰੇਸ਼ਾਨ ਹੋਏ.ਇਹ ਖਾਈਆਂ ਬਾਬਰ ਦੇ ਸੈਨਿਕਾਂ ਵੱਲੋਂ ਪਹਿਲਾਂ ਹੀ ਤਿਆਰ ਕੀਤੀਆਂ ਹੋਈਆਂ ਸਨ.ਅਫਗਾਨ ਸੈਨਿਕਾਂ ਨੂੰ ਪਰੇਸ਼ਾਨੀ ਵਿੱਚ ਦੇਖਦੇ ਹੀ ਬਾਬਰ ਦੀ ਤੁਲਗਮਾ ਪਾਰਟੀਆਂ ਨੇ ਤੁਰੰਤ ਉਹਨਾਂ ਨੂੰ ਘੇਰਾ ਪਾ ਲਿਆ ਅਤੇ ਵਿਚਕਾਰੋਂ ਤੌਪਾਂ ਨੇ ਵੀ ਗਰਜਨਾ ਸ਼ੁਰੂ ਕਰ ਦਿੱਤਾ.ਉਸਤਾਦ ਅਲੀ ਅਤੇ ਮੁਸਤਫ਼ਾ ਨਾਮਕ ਬਾਬਰ ਦੇ ਤੋਪਚੀਆਂ ਨੇ ਸਮੇਂ ਸਮੇਂ ਤੇ ਫਾਇਰ ਕਰਕੇ ਅਫਗਾਨ ਸੈਨਾ ਵਿੱਚ ਭਗਦੜ ਦੀ ਸਥਿਤੀ ਪੈਦਾ ਕਰ ਦਿੱਤੀ .ਦੁਪਹਿਰ ਹੋਣ ਤੱਕ ਹੀ ਇਬ੍ਰਾਹੀਮ ਦੀ ਫ਼ੌਜ ਪੂਰੀ ਤਰਾਂ ਹਾਰ ਚੁਕੀ ਸੀ.ਇਬ੍ਰਾਹੀਮ ਲੋਧੀ ਕੋਈ 15000 ਤੋਂ 16000 ਹਜ਼ਾਰ ਸੈਨਿਕਾਂ ਸਹਿਤ ਲੜਦਾ ਹੋਇਆ ਯੁੱਧ ਵਿੱਚ ਹੀ ਮਾਰਿਆ ਗਿਆ.ਇਸ ਤਰਾਂ ਇਬ੍ਰਾਹੀਮ ਦੇ ਉਦੰਡ ਸੁਭਾਅ ਕਾਰਣ ਹੀ ਅਫਗਾਨਾਂ ਦੇ ਵੰਸ਼ ਜੋ ਕੀ ਬਹਿਲੋਲ ਲੋਧੀ ਨੇ ਸ਼ੁਰੂ ਕੀਤਾ ਸੀ ਇਬ੍ਰਾਹੀਮ ਲੋਧੀ ਨੇ ਉਸਦਾ ਅੰਤ ਕਰਵਾ ਦਿੱਤਾ.




                   ______________________________________________







  •