ਸਮਾਜਿਕ ਸਿੱਖਿਆ ਬਾਰੇ ਭੁਲੇਖੇ


ਬਹੁਤ ਸਾਰੇ ਵਿਦਿਆਰਥੀ ਅਤੇ ਇਥੋਂ ਤੱਕ ਕਿ ਕਈ ਸਿਆਣੇ ਅਧਿਆਪਕ ਵੀ ਇਹੀ ਸਮਝਦੇ ਹਨ ਕਿ ਸਮਾਜਿਕ ਸਿੱਖਿਆ ਦਾ ਵਿਸ਼ਾ ਬਹੁਤ ਹੀ ਸੌਖਾ ਅਤੇ ਐਵੇਂ ਹੀ ਸਮਝਿਆ ਜਾਣ ਵਾਲਾ ਵਿਸ਼ਾ ਹੈ. ਜਦਕਿ ਅਗਰ ਅਜਿਹਾ ਹੁੰਦਾ ਤਾਂ ਵਿਦਿਆਰਥੀਆਂ ਦੇ ਸਭ ਤੋਂ ਵੱਧ ਨੰਬਰ ਫਿਰ ਇਸੇ ਵਿਸ਼ੇ ਵਿੱਚੋਂ ਹੀ ਆਉਣੇ ਚਾਹੀਦੇ ਹਨ.ਜਦਕਿ ਅਜਿਹਾ ਕੁਝ ਵੀ ਨਹੀਂ ਹੈ . ਬਹੁਤੇ ਲੋਕ ਤਾਂ ਇਸਨੂੰ ਗੱਪਾਂ ਮਾਰਨ ਵਾਲ੍ਹਾ ਵਿਸ਼ਾ ਹੀ ਸਮਝਦੇ ਹਨ. ਵਿਦਾਰਥੀਆਂ ਵਿੱਚ ਵੀ ਸ਼ਾਇਦ ਇਹੀ ਧਾਰਨਾ ਆਮ ਪਾਈ ਜਾਂਦੀ ਹੈ ਕਿ ਇਸ ਵਿਸ਼ੇ ਵਿੱਚ ਗੱਪਾਂ ਮਾਰਕੇ ਨੰਬਰ ਹਾਸਿਲ ਕੀਤੇ ਜਾ ਸਕਦੇ ਹਨ. ਅਸਲੀਅਤ ਤਾਂ ਇਹ ਹੈ ਕਿ ਇਹ ਵਿਸ਼ਾ ਜਿਤਨਾ ਆਸਾਨ ਦਿਖਾਈ ਦੇਂਦਾ ਹੈ ਉਤਨਾ ਹੈ ਨਹੀਂ ਹੈ. ਇਸ ਵਿੱਚ ਤੱਥਾਂ ਨੂੰ ਛੱਡ ਕੇ ਗੱਪਾਂ ਮਾਰਨ ਨਾਲ ਨੰਬਰ ਨਹੀਂ ਆਉਂਦੇ ਸਗੋਂ ਫੇਲ੍ਹ ਹੋਣਾ ਪੈਂਦਾ ਹੈ ਅਤੇ ਕੰਪਾਰਟਮੈਂਟ ਆ ਜਾਂਦੀ ਹੈ ਜਾਂ ਫਿਰ ਕੁੱਲ ਪ੍ਰਤੀਸ਼ੱਤ ਵਿੱਚ ਫਰਕ ਪੈਂਦਾ ਹੈ.ਤ੍ਰਾਸਦੀ ਤਾਂ ਇਹ ਰਹੀ ਹੈ ਕਿ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤਾਂ ਇਹ ਵਿਸ਼ਾ ਸਾਨੂੰ ਆਪਨੂੰ ਵੀ ਕਦੀ ਸਮਝ ਨਹੀਂ ਸੀ ਆਇਆ.ਸਾਨੂੰ ਪੜ੍ਹਾਉਣ ਵਾਲਾ ਅਧਿਆਪਕ ਕੇਵਲ ਪ੍ਰਸ਼ਨ ਨੰਬਰ ਦਸ ਕੇ ਯਾਦ ਕਰਨ ਵਾਸਤੇ ਹੀ ਕਹਿ ਦੇਂਦਾ ਸੀ ਅਤੇ ਉਸਨੇ ਜੇਕਰ ਸਾਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਤਾਂ ਸਾਨੂੰ ਉਸਦੀ ਕਹੀ ਕੋਈ ਵੀ ਗੱਲ ਕਦੀ ਸਮਝ ਨਹੀਂ ਆਈ. ਸ਼ਾਇਦ ਘੋਟੇ ਲਗਾ ਕੇ ਯਾਦ ਕੀਤੇ ਹੋਏ ਪ੍ਰਸ਼ਨਾਂ ਦਾ ਸਦਕਾ ਹੀ ਸਾਰੇ ਵਿਦਿਆਰਥੀ ਪਾਸ ਹੁੰਦੇ ਸਨ. ਸਾਨੂੰ ਅਮਰੀਕਾ ,ਅਫ੍ਰੀਕਾ, ਏਸ਼ੀਆ ਆਦਿ ਦੀ ਧਾਰਨਾ ਕਦੇ ਸਮਝ ਨਹੀਂ ਆਈ ਸੀ. ਨਕਸ਼ਾ ਤਾਂ ਕਦੇ-ਕਦੇ ਹੀ ਦੇਖਣ ਨੂੰ ਮਿਲਦਾ ਸੀ . ਪਰ ਅੱਜ ਦੇ ਹਾਲਤ ਬਹੁਤ ਹੱਦ ਤੱਕ ਬਦਲ ਗਏ ਹਨ. ਵਿਦਿਆਰਥੀ ਹੁਣ ਨਕਸ਼ੇ ਕਰਦੇ ਹਨ . ਭਿੰਨ-ਭਿੰਨ ਤਰਾਂ ਦੇ ਮਾਡਲ ਬਣਾ ਕੇ ਉਸਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ. ਟੀਚਿੰਗ ਏਡਜ਼ ਦੀ ਮਦਦ ਨਾਲ ਅਧਿਆਪਕ ਪੜਾਉਂਦੇ ਹਨ ਤਾਂ ਬੱਚੇ ਉਸਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ . ਪਰ ਅਧਿਆਪਕ ਦੀ ਕੋਸ਼ਿਸ਼ ਸੌ ਪ੍ਰਤੀਸ਼ੱਤ ਸਫ਼ਲ ਹੋ ਕੇ ਨਿਬੜੇ ਅਜਿਹਾ ਨਹੀਂ ਹੋ ਸਕਦਾ . ਅਤੇ ਵਿਦਿਆਰਥੀ ਵੀ ਤਾਂ ਸਾਰੇ ਹੀ ਇੱਕੋ ਜਿਹੇ ਨਹੀਂ ਹੁੰਦੇ ਉਹਨਾਂ ਦੀ ਸਮਝ ਆਪਣੇ ਦਿਮਾਗੀ ਵਿਕਾਸ ਅਨੁਸਾਰ ਭਿੰਨ-ਭਿੰਨ ਹੁੰਦੀ ਹੈ ਅਤੇ ਕਿਸੇ ਵਿਸ਼ੇ ਨੂੰ ਪਕੜਨ ਦੀ ਸਮਰਥਾ ਹਰ ਵਿਦਿਆਰਥੀ ਦੀ ਅਲਗ-ਅਲਗ ਹੁੰਦੀ ਹੈ . ਪ੍ਰੰਤੂ ਫਿਰ ਵੀ ਜਿਆਦਾਤਰ ਵਿਦਿਆਰਥੀ ਇਸ ਵਿਸ਼ੇ ਨੂੰ ਹਲਕੇ ਵਿੱਚ ਹੀ ਲੈਂਦੇ ਹਨ ਅਤੇ ਇਸੇ ਭਲੇਖੇ ਵਿੱਚ ਹੀ ਉਹ ਮਾਰ ਖਾ ਜਾਂਦੇ ਹਨ.
ਵਿਦਿਆਰਥੀਆਂ ਦੇ ਪੇਪਰ ਚੈੱਕ ਕਰਦੇ ਸਮੇਂ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਅਧਿਆਪਕਾਂ ਨੇ ਤਾਂ ਬਹੁਤ ਮਿਹਨਤ ਕੀਤੀ ਹੋਈ ਹੈ.ਪਰ ਵਿਦਿਆਰਥੀ ਕਿਤਾਬ ਤੋਂ ਦੂਰੀ ਬਣਾਕੇ ਰੱਖਦੇ ਹਨ ਅਤੇ ਜੋ ਕੁਝ ਵੀ ਅਧਿਆਪਕ ਨੇ ਲੈਕਚਰ ਦਿੱਤਾ ਸੀ ਉਸੇ ਦੀਆਂ ਗੱਲਾਂ ਨੂੰ ਉਹ ਦਿਮਾਗ ਵਿੱਚ ਰੱਖ ਲੈਂਦੇ ਹਨ.ਪ੍ਰੰਤੂ ਉਹ ਘਟਨਾਵਾਂ ਦਾ ਉਲੇੱਖ ਕਰਦੇ ਸਮੇਂ ਉਹਨਾਂ ਦਾ ਕ੍ਰਮ ਅਤੇ ਕਿਹੜੀ ਘਟਨਾ ਕਿਥੇ ਕਿਵੇਂ ਹੋਈ ,ਭੁੱਲ ਜਾਂਦੇ ਹਨ ਅਤੇ ਸਭ ਕੁਝ ਗੁੰਝਲਦਾਰ ਜਿਹਾ ਬਣਾ ਦਿੰਦੇ ਹਨ .ਬਹੁਤੇ ਵਿਦਿਆਰਥੀ ਆਪਣੀ ਠੀਕ ਲਿਖੀ ਹੋਈ ਗੱਲ ਨੂੰ ਗਲਤ ਕਰਕੇ ਦੂਸਰੇ ਦੀ ਗਲਤ ਲਿਖੀ ਹੋਈ ਗੱਲ ਨੂੰ ਲਿੱਖ ਦਿੰਦੇ ਹਨ ਅਤੇ ਆਪਣੇ ਵੀ ਨੰਬਰ ਘਟਾ ਲੈਂਦੇ ਹਨ.ਅਜਿਹੇ ਵਿਦਿਆਰਥੀਆਂ ਵਿੱਚ ਵਿਸ਼ਵਾਸ਼ ਦੀ ਕਮੀ ਹੁੰਦੀ ਹੈ . ਬਹੁਤੇ ਤਾਂ ਇਹ ਵੀ ਨਹੀਂ ਦੇਖਦੇ ਕਿ ਪ੍ਰਸ਼ਨ ਵਿੱਚ ਪੁੱਛਿਆ ਕਿ ਹੈ ਅਤੇ ਫਟਾਫਟ ਗਲਤ ਉੱਤਰ ਦੇ ਦਿੰਦੇ ਹਨ. ਇੱਕ ਪ੍ਰਸ਼ਨ ਸੀ ਕਿ – ਅੱਜਕਲ ਭਾਰਤ ਦਾ ਰਾਸ਼ਟਰਪਤੀ ਕੋਣ ਹੈ ? ਇੱਕ ਨੇ ਉੱਤਰ ਲਿੱਖਿਆ – ਮੌਰ ( ਸ਼ਾਇਦ ਉਸਨੇ ਸਮਝਿਆ ਹੋਵੇ ਕਿ ਪ੍ਰਸ਼ਨ ਵਿੱਚ ਰਾਸ਼ਟਰਪੰਛੀ ਲਿੱਖਿਆ ਹੈ) ਪਰ ਹੈਰਾਨੀ ਦੀ ਗੱਲ ਕਿ ਬਹੁਤ ਸਾਰੇ ਵਿਦਿਆਰਥੀ ਉਸਦੀ ਦੇਖਾ-ਦੇਖੀ ਮੌਰ ਹੀ ਲਿਖੀ ਜਾ ਰਹੇ ਸਨ . ਇਸਤੋਂ ਪਤਾ ਲਗਦਾ ਸੀ ਕਿ ਬਾਕੀਆਂ ਨੇ ਪ੍ਰਸ਼ਨ ਨੂੰ ਪੜਿਆ ਹੀ ਨਹੀਂ ਅਤੇ ਬਿਨਾਂ ਕੁਝ ਸੋਚੇ-ਸਮਝੇ ਭੇਡ-ਚਾਲ ਚੱਲ ਰਹੇ ਸਨ. ਇਹ ਤਾਂ ਸਿਰਫ ਇੱਕ ਉਦਾਹਰਣ ਹੀ ਹੈ. ਇਸੇ ਤਰਾਂ ਦੇ ਬਹੁਤ ਸਾਰੇ ਉਲੇਖ ਮਿਲਦੇ ਹਨ ਉਹਨਾਂ ਨੂੰ ਪੜ੍ਹਕੇ ਹਾਸਾ ਵੀ ਆਉਂਦਾ ਹੈ ਅਤੇ ਸਮਝ ਨਹੀਂ ਆਉਂਦੀ ਕਿ ਅਜਿਹੀ ਸਥਿਤੀ ਵਾਸਤੇ ਕੌਣ ਜਿੰਮੇਵਾਰ ਹੈ ? ਅਧਿਆਪਕ ਨੇ ਤਾਂ ਸਾਰਾ ਸਾਲ ਬਹੁਤ ਜੋਰ ਲਗਾ ਕੇ ਪੜਾਇਆ ਹੋਵੇਗਾ. ਪਰ ਉਹਨਾਂ ਵਿਦਿਆਰਥੀਆਂ ਦਾ ਕੀ ਕੀਤਾ ਜਾ ਸਕਦਾ ਹੈ ਜੋ ਪੜ੍ਹਨ ਵੇਲੇ ਤਾਂ ਅਧਿਆਪਕ ਦੀ ਗੱਲ ਨਹੀਂ ਸੁਣਦੇ ਪਰ ਪੇਪਰਾਂ ਦੌਰਾਨ ਊਟ-ਪਟਾਂਗ ਲਿੱਖ ਕੇ ਆਪਣੇ ਨਾਲ ਅਧਿਆਪਕ ਦਾ ਵੀ ਅਕਸ ਖਰਾਬ ਕਰਦੇ ਹਨ.